ਮਲੇਰਕੋਟਲਾ (ਸ਼ਹਿਬਾਜ਼ ਚੌਧਰੀ)
ਅੱਜ ਜੁਮਾ ਦੀ ਨਮਾਜ਼ ਤੋਂ ਬਾਅਦ ਮਾਲੇਰਕੋਟਲਾ ਦੇ ਸਰਹੰਦੀ ਗੇਟ ਅੱਗੇ ਮੁਸਲਿਮ ਭਾਈਚਾਰੇ ਵਲੋਂ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਐਡਵੋਕੇਟ ਮੁਬੀਨ ਫਾਰੂਕੀ ਦੀ ਅਗਵਾਈ ਵਿੱਚ ਮੁਸਲਿਮ ਫੈਡਰੇਸ਼ਨ ਆਫ ਪੰਜਾਬ, ਮੁਫ਼ਤੀ ਅਬਦੁਲ ਮਾਲਿਕ, ਮੁਫ਼ਤੀ ਦਿਲਸ਼ਾਦ, ਸਮਾਜ ਸੇਵੀ ਪ੍ਰਵੇਜ਼ ਖਾਨ, ਮੁਕਰਮ ਸੈਫੀ ਨੇ ਸ਼ਮੂਲੀਅਤ ਕੀਤੀ ਤੇ ਲੋਕਾਂ ਨੂੰ ਸੰਬੋਧਨ ਕੀਤਾ।
ਮੁਸਲਿਮ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ ਨੇ ਕਿਹਾ ਕਿ ਇਹ ਰੋਸ ਮੁਜ਼ਾਹਰਾ ਕਾਨਪੁਰ ਦੀ ਘਟਨਾ ਦੇ ਵਿਰੋਧ ਵਿੱਚ ਕੀਤਾ ਗਿਆ ਹੈ। ਈਦ ਉਲ ਮਿਲਾਦ ਮੌਕੇ ਜਦੋਂ ਨੌਜਵਾਨਾਂ ਨੇ “ਆਈ ਲਵ ਮੁਹੰਮਦ ਸ.ਅ.ਵ.” ਦੇ ਪੋਸਟਰ ਲਗਾਏ, ਤਾਂ ਕਾਨਪੁਰ ਪੁਲਿਸ ਨੇ 15 ਨੌਜਵਾਨਾਂ ਉੱਤੇ ਝੂਠੇ ਕੇਸ ਦਰਜ ਕਰ ਦਿੱਤੇ। ਇਹ ਸਾਫ਼-ਸਾਫ਼ ਧੱਕਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਭ ਧਰਮਾਂ ਨੂੰ ਆਜ਼ਾਦੀ ਹੈ। ਹਰ ਕੋਈ ਆਪਣੇ ਧਰਮ ਅਨੁਸਾਰ ਜੀ ਸਕਦਾ ਹੈ, ਪਰ ਅਕਸਰ ਮੁਸਲਮਾਨਾਂ ਨਾਲ ਹੀ ਭੇਦਭਾਵ ਕਿਉਂ ਕੀਤਾ ਜਾਂਦਾ ਹੈ? ਉਨ੍ਹਾਂ ਮੰਗ ਕੀਤੀ ਕਿ ਕਾਨਪੁਰ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ। ਇਸ ਮੰਗ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਨੇ ਮਾਲੇਰਕੋਟਲਾ ਦੇ ਫੀਲਡ ਅਫਸਰ–ਕਮ ਸਹਾਇਕ ਕਮਿਸ਼ਨਰ ਰਾਕੇਸ਼ ਗਰਗ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗਪੱਤਰ ਵੀ ਸੌਂਪਿਆ।
ਮੁਫ਼ਤੀ ਅਬਦੁਲ ਮਾਲਿਕ ਅਤੇ ਮੁਫ਼ਤੀ ਦਿਲਸ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਹਜੂਰ ਏ ਪਾਕ ਸ.ਅ.ਵ. ਦੀ ਸ਼ਾਨ ਵਿੱਚ ਗੁਸਤਾਖ਼ੀ ਕੀਤੀ ਗਈ ਹੈ। ਇਹ ਬਿਲਕੁਲ ਨਾ-ਕਾਬਿਲੇ ਬਰਦਾਸ਼ਤ ਹੈ।
ਉਨ੍ਹਾਂ ਕਿਹਾ ਕਿ ਮੁਸਲਿਮ ਕੌਮ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ, ਪਰ ਹਜੂਰ ਏ ਪਾਕ ਸ.ਅ.ਵ. ਦੀ ਸ਼ਾਨ ਵਿੱਚ ਗੁਸਤਾਖ਼ੀ ਕਦੇ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਜੇਹੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਕਿਸੇ ਧਰਮ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ।
ਇਸ ਮੌਕੇ ਮਾਲੇਰਕੋਟਲਾ ਤੋਂ ਕਾਂਗਰਸ ਲੀਡਰ ਪ੍ਰਵੇਜ਼ ਖਾਨ ਨੇ ਕਿਹਾ ਕਿ ਉਹ ਇਥੇ ਕਿਸੇ ਸਿਆਸੀ ਲੀਡਰ ਵਜੋਂ ਨਹੀਂ, ਸਗੋਂ ਇੱਕ ਮੁਸਲਮਾਨ ਹੋਣ ਦੇ ਨਾਤੇ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਹਜੂਰ ਏ ਪਾਕ ਸ.ਅ.ਵ. ਨਾਲ ਬੇ ਹਦ ਮੁਹੱਬਤ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਗੁਸਤਾਖ਼ੀ ਨੇ ਉਹਨਾਂ ਨੂੰ ਗਿਹਰਾ ਦੁਖ ਦਿਤਾ ਹੈ। ਕੋਈ ਵੀ ਮੁਸਲਮਾਨ ਇਸ ਤਰ੍ਹਾਂ ਦੀ ਗੁਸਤਾਖ਼ੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਮੌਕੇ ਹਾਜੀ ਜਮੀਲ, ਅਖਤਰ ਅਬਦਾਲੀ, ਅੰਜੂ ਪਹਿਲਵਾਨ, ਮੁਹੰਮਦ ਤਾਰੀਕ, ਜਮੀਲ ਜਿਮੀ, ਫੁਰਕਾਨ, ਮੁਹੰਮਦ ਕਲੀਮ, ਅਬਦੁਲ ਸਤਾਰ ਨੇ ਵੀ ਇਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ
Leave a Reply